Kbrnfmf pMjfb

ਪਿੰਡ ਬਿੱਲੀ ਚਹਾਰਮੀ ਵਿਖੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ

ਸ਼ਾਹਕੋਟ-(ਸੁਖਦੀਪ ਸਚਦੇਵਾ) ਪਿੰਡ ਬਿੱਲੀ ਚਹਾਰਮੀ ‘ਚ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਲਾਸ਼ ਖੇਤਾਂ ਵਿੱਚੋਂ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬਿੱਲੀ ਚਹਾਰਮੀ ਘਰੋਂ ਸ਼ਰਾਬ ਪੀ ਕੇ ਨੇੜੇ ਦੀ ਇੱਕ ਧਾਰਮਿਕ ਜਗ੍ਹਾ ‘ਤੇ ਚੌਂਕੀ ਲੱਗੀ ਵੇਖ ਉਥੇ ਚਲਾ ਗਿਆ ਅਤੇ ਉਥੋਂ ਵਾਪਸ ਘਰ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਕਿਸੇ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਤੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਜਿਸਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਘਟਨਾ ਦੀ ਜਾਂਚ ਕਰਨ ਲਈ ਐਸ.ਐਚ.ਓ. ਉਂਕਾਰ ਸਿੰਘ ਬਰਾੜ, ਏ.ਐਸ.ਆਈ. ਅਰਜਨ ਸਿੰਘ, ਜਸਵੰਤ ਸਿੰਘ, ਗੁਰਬਿੰਦਰ ਸਿੰਘ, ਹਰਜੀਤ ਸਿੰਘ ਪਹੁੰਚੇ ਅਤੇ ਜਾਂਚ-ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ। ਐਸ.ਐਚ.ਓ. ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਤਲਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

ਭਬਿਆਣਾ ਘਟਨਾ ਦੇ ਸਬੰਧ ਵਿਚ ਸਿੱਖ ਸੰਗਠਨ ਐਸ.ਡੀ.ਐਮ ਨੂੰ ਮਿਲੇ-ਕਿਹਾ ਡੇਰੇ ਤੇ ਹੋਈ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾਂ-ਪੁਲਿਸ ਨੇ ਸਿੱਖ ਆਗੂਆਂ ਤੇ ਕੀਤਾ ਗਲਤ ਕੇਸ ਦਰਜ਼

ਫਗਵਾੜਾ-(ਹਰੀਪਾਲ ਸਿੰਘ)-ਬੀਤੇ ਦਿਨੀ ਪਿੰਡ ਭਬਿਆਣਾ ਦੇ ਇਕ ਡੇਰੇ ਵਿੱਚ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਲੈ ਕਿ ਸ਼ੁਰੂ ਹੋਇਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਇਸੇ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਅੰਬੇਡਕਰ ਸੈਨਾਂ ਦੇ ਆਗੂ ਦੇ ਬਿਆਨ ਤੇ ਸਿੱਖ ਸੰਗਠਨਾਂ ਦੇ ਲੋਕਾਂ ਤੇ ਕੇਸ ਦਰਜ਼ ਕਰ ਲਿਆ ਹੈ। ਇਸੇ ਮਾਮਲੇ ਨੂੰ ਲੈ ਕਿ ਵੱਖ-ਵੱਖ ਸਿੱਖ ਸੰਗਠਨਾਂ ਦੇ ਪ੍ਰਤੀਨਿਧੀ ਫਗਵਾੜਾ ਦੇ ਐਸ.ਡੀ.ਐਮ ਨੂੰ ਮਿਲੇ ਅਤੇ ਮੰਗ ਪੱਤਰ ਦੇ ਰੂਪ ਵਿਚ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਆਏ ਹੁਕਮਾਂ ਦੀ ਕਾਪੀ ਵੀ ਦਿੱਤੀ, ਜਿਸ ਵਿੱਚ ਸਪਸ਼ਟ ਲਿਖਿਆ ਹੈ ਕਿ ਡੇਰੇ ਜਿੱਥੇ ਮੜੀਆਂ ਬਣੀਆਂ ਹਨ ਉਥੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ ਪ੍ਰਕਾਸ਼ ਦੀ ਮਨਾਹੀ ਹੈ। ਸਿੱਖ ਆਗੂਆਂ ਨੇ ਕਿਹਾ ਕਿ ਪਿੰਡ ਭਬਿਆਣਾ ਵਿੱਚ ਅਜਿਹਾ ਹੋਣ ਤੇ ਹੀ ਉਨ੍ਹਾਂ ਨੇ ਇਤਰਾਜ਼ ਕੀਤਾ ਸੀ, ਜਿਸ ਸਬੰਧੀ ਮੌਕੇ ਤੇ ਪ੍ਰਕਾਸ਼ ਕਰਵਾਉਣ ਵਾਲੀ ਧਿਰ ਨੇ ਵੀ ਮੰਨਿਆ ਸੀ, ਲੇਕਿਨ ਬਾਅਦ ਵਿੱਚ ਕਿਸੇ ਸ਼ਰਾਰਤੀ ਨੇ ਮਾਮਲੇ ਨੂੰ ਤੂਲ ਦੇ ਦਿੱਤਾ ਅਤੇ ਪੁਲਿਸ ਤੇ ਦਬਾਅ ਬਣਾ ਕਿ ਸਿੱਖ ਆਗੂਆਂ ਤੇ ਗਲਤ ਕੇਸ ਦਰਜ਼ ਕਰਵਾ ਦਿੱਤਾ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ। ਫਗਵਾੜਾ ਦੇ ਐਸ.ਡੀ.ਐਮ ਨੂੰ ਮਿਲਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ), ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁੰਹਮਦ, ਫਤਿਹ ਯੂਥ ਕਲੱਬ ਹੁਸ਼ਿਆਰਪੁਰ, ਯੂਥ ਅਕਾਲੀ ਦਲ ਦਿੱਲੀ, ਸ਼੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਹੁਸ਼ਿਆਰਪੁਰ, ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਦੇ ਪ੍ਰਤੀਨਿਧੀ ਸ਼ਾਮਲ ਸਨ। ਇਨ੍ਹਾਂ ਸੰਗਠਨਾਂ ਦੇ ਆਗੂਆਂ ਨੇ ਐਸ.ਡੀ.ਐਮ ਅਮਰਜੀਤਪਾਲ ਨੂੰ ਦੱਸਿਆ ਕਿ 22 ਅਗਸਤ ਨੂੰ ਮਿਲੀ ਸੀ ਕਿ ਪਿੰਡ ਭਬਿਆਣਾ ਦੇ ਸ਼ਮਸ਼ਾਨਘਾਟ ਦੇ ਨੇੜੇ ਇਕ ਡੇਰੇ ਜਿਥੇ ਮੜੀਆਂ ਬਣੀਆਂ ਹਨ, ਵਿਖੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਨੇ ਮੋਕੇ ਤੇ ਜਾ ਕਿ ਇਤਰਾਜ਼ ਕੀਤਾ ਤੇ ਉਨ੍ਹਾਂ ਨੇ ਸਿਰਫ ਇਸ ਜਗ੍ਹਾ ਤੇ ਪ੍ਰਕਾਸ਼ ਕਰਨ ਨੂੰ ਗਲਤ ਦੱਸਿਆ ਸੀ ਕਿ ਨਾ ਕਿ ਕੋਈ ਖਲਲ ਪਾਇਆ ਸੀ, ਜਿਵੇਂ ਦੂਸਰੀ ਧਿਰ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਸਰੀ ਧਿਰ ਨੇ ਸਾਜਿਸ਼ ਤਹਿਤ ਸੜਕ ਤੇ ਜਾਮ ਲਗਾ ਕਿ ਪੁਲਿਸ ਤੇ ਦਬਾਅ ਬਣਾ ਕਿ ਕੁਝ ਵਿਅਕਤੀਆਂ ਤੇ ਕੇਸ ਦਰਜ਼ ਕਰਵਾ ਦਿੱਤਾ ਹੈ, ਜਦਕਿ ਸ਼ਮਸ਼ਾਨਘਾਟ ਦੇ ਨੇੜੇ ਅਤੇ ਮੜੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਰਿਯਾਦਾ ਦੂਸਰੀ ਧਿਰ ਨੇ ਭੰਗ ਕੀਤੀ ਹੈ, ਜਿਸਦਾ ਉਲੇਖ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਹੁਕਮਨਾਮੇ ਵਿੱਚ ਸਪਸ਼ਟ ਕਿਹਾ ਗਿਆ ਹੈ। ਸੰਗਠਨਾਂ ਨੇ ਮੰਗ ਕੀਤੀ ਕਿ ਰਾਣਾ ਸਿੰਘ, ਬਲਬੀਰ ਸਿੰਘ ਅਤੇ ਬੂਟਾ ਸਿੰਘ ਤਿੰਨੇ ਵਾਸੀਆਂਨ ਪਿੰਡ ਭਬਿਆਣਾ ਆਦਿ ਦੇ ਖਿਲਾਫ ਦਰਜ਼ ਕੇਸ ਤੁੰਰਤ ਰੱਦ ਕੀਤਾ ਜਾਵੇ। ਇਸ ਵਫਦ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਸਿੰਘ ਫੌਜ਼ੀ, ਸਥਾਨਕ ਆਗੂ ਰੇਸ਼ਮ ਸਿੰਘ ਪੱਪੀ, ਸੁਖਦੇਵ ਸਿੰਘ, ਰਛਪਾਲ ਸਿੰਘ, ਲਖਬੀਰ ਸਿੰਘ, ਹਰਜੀਤ ਸਿੰਘ, ਤਰਸੇਮ ਸਿੰਘ, ਜੋਗਿੰਦਰ ਸਿੰਘ, ਰਣਜੀਤ ਕੌਰ, ਜਸਵਿੰਦਰ ਕੌਰ, ਅਵਿਨਾਸ਼ ਕੌਰ ਪੰਚ ਆਦਿ ਸ਼ਾਮਲ ਸਨ।

ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਪਿੰਡ ਸੁਖਚੈਨ ਨਗਰ ਵਿੱਚ ਬੁੱਟੇ ਲਾਏ

ਫਗਵਾੜਾ-ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਸਾਲ 2010-11 ਦੇ ਪ੍ਰੋਜੈਕਟਾਂ ਨੂੰ ਅੱਗੇ ਤੋਰਦੇ ਹੋਏ ਨਜ਼ਦੀਕੀ ਪਿੰਡ ਸੁਖਚੈਨ ਨਗਰ ਦੀ ਮੁੱਖ ਸੜਕ ਤੇ ਬੁੱਟੇ ਲਗਾਏ। ਇਸ ਸਮਾਗਮ ਵਿਚ ਲਾਇਨ 321-ਡੀ ਦੇ ਜ਼ੋਨ ਚੇਅਰਮੈਨ ਬਲਜਿੰਦਰ ਸਿੰਘ ਠੇਕੇਦਾਰ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਸੈਣੀ ਨੇ ਕੀਤੀ। ਇਸ ਮੋਕੇ ਜ਼ੋਨ ਚੇਅਰਮੈਨ ਲਾਇਨ ਬਲਜਿੰਦਰ ਸਿੰਘ ਠੇਕੇਦਾਰ ਅਤੇ ਪ੍ਰਧਾਨ ਪਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਵਾਤਵਰਣ ਨੂੰ ਸ਼ੁੱਧ ਰੱਖਣ ਲਈ ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇਕ ਬੁੱਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬੁੱਟਾ ਲਗਾਉਣ ਤੋਂ ਬਾਅਦ ਵੀ ਉਸਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੋਕੇ ਜ਼ੋਨ ਚੇਅਰਮੈਨ ਲਾਇਨ ਬਲਜਿੰਦਰ ਸਿੰਘ ਠੇਕੇਦਾਰ ਅਤੇ ਪ੍ਰਧਾਨ ਪਲਵਿੰਦਰ ਸਿੰਘ ਸੈਣੀ ਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਇਸ ਪਿੰਡ ਵਿੱਚ ਬੁੱਟੇ ਲਗਾਏ। ਇਸ ਮੋਕੇ ਲਾਇਨ ਬਲਬੀਰ ਚੰਦ ਸ਼ਰਮਾਂ, ਰਾਜਵਿੰਦਰ ਸਿੰਘ ਕੁੱਕੂ, ਹਰੀਪਾਲ ਸਿੰਘ, ਗੁਰਮੇਹਰ ਸਿੰਘ, ਸੁਖਵਿੰਦਰ ਸਿੰਘ ਬਸਰਾ, ਚਰਨਜੀਤ ਸਿੰਘ ਪਾਬਲਾ, ਬਲਬੀਰ ਚੰਦ, ਕਰਨੈਲ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਠੇਕੇਦਾਰ, ਮਨਜਿੰਦਰ ਸਿੰਘ, ਦਲਬੀਰ ਸਿੰਘ ਲੱਲ, ਹਰਨੇਕ ਸਿੰਘ ਸੱਗੀ, ਦਵਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।

ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚੱਲਾ ਕਿ ਪੱਤਰਕਾਰ ਦੇ ਭਰਾ ਤੇ ਕੀਤਾ ਜਾਨਲੇਵਾ ਹਮਲਾ-ਅਣਪਛਾਤੇ ਨੌਜਵਾਨਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼

ਫਗਵਾੜਾ-(ਹਰੀਪਾਲ ਸਿੰਘ)-ਫਗਵਾੜਾ-ਜਲੰਧਰ ਜੀ.ਟੀ.ਰੋਡ ‘ਤੇ ਖਜ਼ੂਰਲਾ ਦੇ ਨੇੜੇ ਬੇਂਈ ਵਾਲੇ ਪੁੱਲ ਦੇ ਨਜ਼ਦੀਕ ਹਥਿਆਰਬੰਦ ਨੌਜਵਾਨਾਂ ਨੇ ਕਾਰ ਸਵਾਰ ਨੌਜਵਾਨ ‘ਤੇ ਗੋਲੀਆਂ ਚਲਾਉਂਦੇ ਹੋਏ ਉਸਨੂੰ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਜ਼ਾਇਜ਼ਾ ਲਿਆ। ਜ਼ਖਮੀ ਹੋਇਆ ਨੌਜਵਾਨ ਨਿਸ਼ੀਕਾਂਤ ਸਥਾਨਕ ਰਤਨਪੁਰਾ ਮੁੱਹਲਾ,ਫਗਵਾੜਾ ਦਾ ਵਸਨੀਕ ਹੈ ‘ਤੇ ਫਗਵਾੜਾ ਦੇ ਪੱਤਰਕਾਰ ਛਵੀ ਭਾਸਕਰ ਦਾ ਭਰਾ ਹੈ। ਨਿਸ਼ੀਕਾਂਤ ਇਕ ਬੀਮਾ ਕੰਪਨੀ ਮੈਟਾਲਾਈਫ ਇੰਸ਼ੋਰੈਂਸ ਵਿੱਚ ਬਤੌਰ ਸੀਨੀਅਰ ਸੈਲਜ਼ ਮੈਨੇਜ਼ਰ ਨੌਕਰੀ ਕਰਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਿਸ਼ੀਕਾਂਤ ਆਪਣੀ ਨਵੀਂ ਟਾਟਾ ਇੰਡੀਗੋ ਕਾਰ ਵਿੱਚ ਆਪਣੀ ਕੰਪਨੀ ਦੇ ਕੰਮ ਦੇ ਸਬੰਧ ਵਿੱਚ ਜਲੰਧਰ ਸਥਿਤ ਕੰਪਨੀ ਦੇ ਦਫਤਰ ਗਿਆ ਸੀ। ਉਹ ਜਦੋਂ ਜਲੰਧਰ ਤੋਂ ਆਪਣੀ ਕਾਰ ਵਿੱਚ ਵਾਪਸ ਫਗਵਾੜਾ ਵੱਲ ਨੂੰ ਆ ਰਿਹਾ ਸੀ ਤਾਂ ਫਗਵਾੜਾ-ਜਲੰਧਰ ਦੇ ਵਿਚਾਲੇ ਪੈਂਦੀ ਬੇਂਈ ਵਾਲੇ ਪੁੱਲ ਦੇ ਨਜ਼ਦੀਕ ਇਕ ਸਫੇਦ ਰੰਗ ਦੀ ਮਾਰੂਤੀ ਜੇਨ ਕਾਰ ਵਿਚ ਸਵਾਰ 4-5 ਨੌਜਵਾਨਾਂ ਨੇ ਉਸਦੀ ਕਾਰ ਦੇ ਅੱਗੇ ਕਾਰ ਲੱਗਾ ਕਿ ਉਸਨੂੰ ਰੋਕ ਲਿਆ। ਨਿਸ਼ੀਕਾਂਤ ਦੇ ਅਨੁਸਾਰ ਕਾਰ ਸਵਾਰਾਂ ਦੇ ਪਾਸ ਪਿਸਤੌਲਾਂ ਸਨ। ਉਹ ਆਪਣੀ ਕਾਰ ਵਿਚੋਂ ਉਤਰ ਕਿ ਉਸਦੀ ਕਾਰ ਵੱਲ ਨੂੰ ਆਏ ਅਤੇ ਉਸਨੂੰ ਗੱਡੀ ਖੋਲ੍ਹਣ ਲਈ ਕਿਹਾ ‘ਤੇ ਸ਼ੀਸ਼ੇ ਜ਼ੋਰ-ਜ਼ੋਰ ਦੀ ਖੜਕਾਏ ਉਸਨੇ ਦੱਸਿਆ ਕਿ ਉਸਨੇ ਗੱਡੀ ਨੂੰ ਅੰਦਰ ਦੀ ਬੰਦ ਕਰ ਲਿਆ ਅਤੇ ਗੱਡੀ ਨਹੀ ਖੋਲ੍ਹੀ, ਜਿਸਤੇ ਦੋਹਾਂ ਪਾਸਿਓ ਉਕਤ ਹਮਲਾਵਰਾਂ ਨੇ ਪਿਸਤੌਲ ਨਾਲ ਗੋਲੀਆਂ ਚੱਲਾ ਦਿੱਤੀਆਂ। ਕਾਰ ਦੇ ਦੋਵੇਂ ਸ਼ੀਸ਼ੇ ਟੁੱਟ ਗਏ ਅਤੇ ਇਕ ਗੋਲੀ ਉਸਦੀ ਸੱਜੀ ਬਾਂਹ ਵਿਚੋਂ ਆਰ-ਪਾਰ ਹੋ ਗਈ। ਨਿਸ਼ੀਕਾਂਤ ਦੇ ਅਨੁਸਾਰ ਉਸਨੇ ਕਿਸੇ ਤਰ੍ਹਾਂ ਗੱਡੀ ਪਿਛੇ ਨੂੰ ਭਜਾ ਲਈ ਅਤੇ ਕੁੱਝ ਦੂਰ ਜਾਣ ‘ਤੇ ਪਿਛੋਂ ਹੋਰ ਗੱਡੀਆਂ ਆਉਣ ਕਾਰਨ ਉਕਤ ਹਮਲਾਵਰ ਮੋਕੇ ਤੋਂ ਵਾਪਸ ਜਲੰਧਰ ਵੱਲ ਨੂੰ ਚੱਲੇ ਗਏ। ਉਸਨੇ ਦੱਸਿਆ ਕਿ ਕਾਰ ਬਿਨਾਂ ਨੰਬਰ ਪਲੇਟ ਦੇ ਸੀ। ਨਿਸ਼ੀਕਾਂਤ ਦੇ ਅਨੁਸਾਰ ਉਸਨੇ ਇਸ ਸਬੰਧੀ ਫੌਰਨ ਆਪਣੇ ਭਰਾ ਨੂੰ ਸੂਚਨਾ ਦਿੱਤੀ ਅਤੇ ਕਿਸੇ ਤਰ੍ਹਾਂ ਜੀ.ਟੀ.ਰੋਡ ਤੇ ਸਥਿਤ ਪੁਲਿਸ ਚੌਂਕੀ ਚਹੇੜੂ ਤੱਕ ਆਪ ਹੀ ਕਾਰ ਚੱਲਾ ਕਿ ਪਹੁੰਚ ਗਿਆ ‘ਤੇ ਉਥੋਂ ਪੁਲਿਸ ਮੁਲਾਜ਼ਮ ਉਸਨੂੰ ਫਗਵਾੜਾ ਲੈ ਆਏ, ਜਿਥੇ ਉਸਨੂੰ ਇਕ ਨਿਜ਼ੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸਦਾ ਇਲਾਜ਼ ਕਰ ਰਹੇ ਡਾ.ਸਤਨਾਮ ਸਿੰਘ ਪਰਮਾਰ ਦੇ ਅਨੁਸਾਰ ਬਾਂਹ ਵਿੱਚ ਲੱਗੀ ਗੋਲੀ ਆਰ-ਪਾਰ ਹੋ ਕਿ ਨਿਕਲ ਗਈ ਹੈ ‘ਤੇ ਨਿਸ਼ੀਕਾਂਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਗੋਲੀਕਾਂਡ ਦੀ ਸੂਚਨਾ ਮਿਲਨ ‘ਤੇ ਥਾਣਾ ਸਿਟੀ ਦੇ ਐਸ.ਐਚ.ਓ ਅਮਰੀਕ ਸਿੰਘ ਚਾਹਲ,ਥਾਣਾ ਸਦਰ ਦੇ ਐਸ.ਐਚ.ਓ ਰਵਿੰਦਰ ਸਿੰਘ, ਚਹੇੜੂ ਚੋਂਕੀ ਦੇ ਇੰਚਾਰਜ਼ ਸਤਪਾਲ ਪੁਲਿਸ ਪਾਰਟੀ ਸਮੇਤ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਹਾਂਸਲ ਕੀਤੀ। ਪੁਲਿਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇਜ਼ਸਵੀ ਭਾਰਦਵਾਜ਼, ਭਾਰਤੀ ਜਨਤਾ ਯੁਵਾ ਮੋਰਚਾ ਫਗਵਾੜਾ ਦੇ ਪ੍ਰਧਾਨ ਬੱਲੂ ਵਾਲੀਆ, ਸਾਬਕਾ ਪ੍ਰਧਾਨ ਸੰਜੂ ਚਹਿਲ ਵੀ ਹਸਪਤਾਲ ਮੋਕੇ ਤੇ ਪਹੁੰਚੇ। ਐਸ.ਐਸ.ਪੀ ਕਪੂਰਥਲਾ ਸ਼੍ਰੀ ਰਾਮ ਸਿੰਘ, ਐਸ.ਪੀ ਫਗਵਾੜਾ ਕਮਲਜੀਤ ਸਿੰਘ ਢਿੰਲੋਂ ਨੇ ਫਗਵਾੜਾ ਦੇ ਦੋਵੇਂ ਥਾਣਿਆਂ ਦੇ ਇੰਚਾਰਜ਼ਾਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜ਼ਾਇਜ਼ਾ ਲਿਆ। ਐਸ.ਪੀ ਕਮਲਜੀਤ ਸਿੰਘ ਢਿੰਲੋਂ ਦੇ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਇਰਾਦਾਕਤਲ ਅਤੇ ਹੋਰ ਧਾਰਾਂਵਾਂ ਦੇ ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਜਰਨਾਲਿਸਟ ਕਲੱਬ (ਰਜ਼ਿ) ਫਗਵਾੜਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਕਮਰੇ ਵਿੰਚ ਬੰਦ ਕੀਤੀ ਔਰਤ ਨੂੰ ਪੁਲਿਸ ਨੇ ਛੁਡਾਇਆ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ-ਬੰਦ ਕੀਤੀ ਹੋਈ ਔਰਤ ਵਿਅੱਕਤੀ ਦੀ ਲਗਦੀ ਹੈ ਸਾਲੀ

ਫਗਵਾੜਾ-(ਹਰੀਪਾਲ ਸਿੰਘ)-ਫਗਵਾੜਾ ਦੇ ਨਜ਼ਦੀਕੀ ਪਿੰਡ ਖਲਿਆਣ ਵਿਖੇ ਇਕ ਜ਼ੀਜੇ ਵਲੋਂ ਪਿਛਲੇ ਕਈ ਦਿਨਾਂ ਤੋਂ ਇਕ ਕਮਰੇ ਵਿੱਚ ਬੰਦ ਕੀਤੀ ਆਪਣੀ ਸਾਲੀ ਨੂੰ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮੋਕੇ ਤੇ ਜਾ ਕਿ ਛੁਡਵਾਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਖਲਿਆਣ ਵਿਖੇ ਇਕ ਔਰਤ ਨੂੰ ਬੰਦੀ ਬਣਾ ਕਿ ਰੱਖਣ ਦੀ ਸੂਚਨਾ ‘ਦਾ ਇੰਟਰਨੈਸ਼ਨਲ ਹਿਉਮਨ ਰਾਈਟਸ ਕੌਂਸਲ' ਦੇ ਚੇਅਰਮੈਨ ਗੁਰਜੀਤਪਾਲ ਵਾਲੀਆ ਅਤੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਇੰਦਰਜੀਤ ਖਲਿਆਣ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਫਗਵਾੜਾ ਦੇ ਥਾਣਾ ਰਾਵਲਪਿੰਡੀ ਪੁਲਿਸ ਨੂੰ ਦਿੱਤੀ। ਇਸ ਸੂਚਨਾ ਦੇ ਅਧਾਰ ਤੇ ਥਾਣਾ ਰਾਵਲਪਿੰਡੀ ਦੇ ਐਸ.ਐਚ.ਓ ਇੰਸਪੈਕਟਰ ਰਾਜ ਕੁਮਾਰ, ਸਬ ਇੰਸਪੈਕਟਰ ਓਮ ਪਕਾਸ਼, ਹਰਦੇਵਪ੍ਰੀਤ ਸਿੰਘ, ਤਰਸੇਮ ਲਾਲ ਦੇ ਨਾਲ ਮੋਕੇ ਤੇ ਪਹੁੰਚੇ ਅਤੇ ਖੁਸ਼ਦੇਵ ਸਿੰਘ ਦੇ ਘਰ ਇਕ ਕਮਰੇ ਵਿੱਚ ਬੰਦ ਔਰਤ ਜਿਸਦੀ ਪਛਾਣ ਇੰਦਰ ਪਾਲ ਦੇ ਰੂਪ ਵਿਚ ਹੋਈ ਹੈ ਨੂੰ ਪਿੰਡ ਦੇ ਪੱਤਵੰਤੇ ਸੱਜਣਾਂ ਦੀ ਮੌਜ਼ੂਦਗੀ ਵਿੱਚ ਬਾਹਰ ਕੱਢਿਆ। ਮੋਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਖੁਸ਼ਦੇਵ ਸਿੰਘ ਜਲੰਧਰ ਰਹਿੰਦਾ ਸੀ ਤੇ ਉਸਨੇ ਪਿੰਡ ਖਲਿਆਣ ਦੇ ਵਿੱਚ ਆ ਕਿ ਇਕ ਮਕਾਨ ਕਰੀਬ 5 ਕੁ ਸਾਲ ਪਹਿਲਾਂ ਖਰੀਦ ਲਿਆ। ਖੁਸ਼ਦੇਵ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਸਨੇ ਰਮਨਦੀਪ ਕੌਰ ਨਾਮ ਦੀ ਔਰਤ ਨਾਲ ਦੁਸਰਾ ਵਿਆਹ ਕਰਵਾ ਲਿਆ ਸੀ। ਖੁਸ਼ਦੇਵ ਸਿੰਘ ਨੇ ਆਪਣੀ ਪਹਿਲੀ ਪਤਨੀ ਦੀ ਵੱਡੀ ਭੈਣ ਇੰਦਰਪਾਲ ਜੋ ਪਹਿਲਾਂ ਤੋਂ ਹੀ ਉਨ੍ਹਾਂ ਦੇ ਘਰ ਰਹਿੰਦੀ ਸੀ ਆਪਣੇ ਇਸ ਘਰ ਵਿੱਚ ਰੱਖਿਆ ਹੋਇਆ ਸੀ। ਪਿੰਡ ਵਾਸੀਆਂ ਦੇ ਅਨੁਸਾਰ ਇੰਦਰਪਾਲ ਪਹਿਲਾਂ ਤਾਂ ਪਿੰਡ ਵਿੱਚ ਘੁੰਮਦੀ ਅਤੇ ਘਰ ਦੇ ਬਰਾਂਡੇ ਵਿੱਚ ਨਜ਼ਰ ਆਉਂਦੀ ਸੀ,ਲੇਕਿਨ ਹੁਣ ਪਿਛਲੇ ਕਾਫੀ ਸਮੇਂ ਤੋਂ ਇਹ ਘਰ ਦੇ ਬਰਾਂਡੇ ਵਿੱਚ ਵੀ ਨਜ਼ਰ ਨਹੀ ਆਈ। ਪਿੰਡ ਵਾਸੀਆਂ ਦੇ ਅਨੁਸਾਰ ਇੰਦਰਪਾਲ ਦੇ ਜ਼ੀਜੇ ਨੇ ਇਸਨੂੰ ਪਿਛਲੇ ਲੰਬੇ ਸਮੇਂ ਤੋਂ ਇਕ ਕਮਰੇ ਵਿੱਚ ਤਾਲਾ ਲੱਗਾ ਕਿ ਰਖਿਆ ਹੋਇਆ ਸੀ। ਜਿਸ ਕਮਰੇ ਵਿੱਚ ਉਕਤ ਔਰਤ ਨੂੰ ਰੱਖਿਆ ਹੋਇਆ ਸੀ ਉਸਦੀ ਹਾਲਤ ਬਹੁਤ ਹੀ ਤਰਸਯੋਗ ਸੀ। ਥਾਣਾ ਰਾਵਲਪਿੰਡੀ ਦੇ ਐਸ.ਐਚ.ਓ ਰਾਜ ਕੁਮਾਰ ਨੇ ਦੱਸਿਆ ਕਿ ਖੁਸ਼ਦੇਵ ਸਿੰਘ ਦੇ ਘਰੋਂ ਇਕ ਕਮਰੇ ਦਾ ਤਾਲਾ ਖੋਲ ਕਿ ਇੰਦਰਪਾਲ ਨੂੰ ਬਾਹਰ ਕੱਢਿਆ ਗਿਆ ਹੈ। ਇੰਦਰਪਾਲ ਜੋ ਕਿ ਪੁਰੀ ਤਰ੍ਹਾਂ ਠੀਕ ਨਹੀ ਸੀ ਲੱਗ ਰਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਰਕਾਰੀ ਅਧਿਆਪਕ ਸੀ ਤੇ ਨੂਰਮਹਿਲ ਵਿਖੇ ਇਕ ਸਕੂਲ ਵਿੱਚ ਪੜਾਉਂਦੀ ਸੀ,ਤੇ ਉਸਦੀ ਹੁਣ ਪੈਨਸ਼ਨ ਆਉਂਦੀ ਹੈ। ਖੁਸ਼ਦੇਵ ਸਿੰਘ ਦੀ ਮੌਜ਼ੂਦਾ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੀ ਹੀ ਇੰਦਰਪਾਲ ਇਥੇ ਰਹਿ ਰਹੀ ਸੀ ਤੇ ਇਹ ਦਿਮਾਗੀ ਤੌਰ ਤੇ ਠੀਕ ਨਹੀ ਹੈ ਤੇ ਆਲੇ-ਦੁਆਲੇ ਪਿੰਡਾਂ ਵਿੱਚ ਘੁੰਮਦੀ ਰਹਿੰਦੀ ਸੀ, ਇਥੋਂ ਤੱਕ ਕਿ ਲੋਕਾਂ ਦੇ ਕਪੜੇ ਵੀ ਚੁੱਕ ਲਿਆਉਂਦੀ ਸੀ ਜਾਂ ਫਿਰ ਕਪੜੇ ਪਾੜ ਦਿੰਦੀ ਸੀ। ਪੁਲਿਸ ਨੇ ਮੋਕੇ ਤੇ ਇਲਾਕਾ ਕਾਨੂੰਗੋ ਪਰਮਜੀਤ ਸਿੰਘ ਨੂੰ ਮੋਕੇ ਤੇ ਬੁਲਾਇਆ ਅਤੇ ਕਾਗਜ਼ੀ ਕਾਰਵਾਈ ਕਰਕੇ ਉਕਤ ਔਰਤ ਨੂੰ ਥਾਣਾ ਰਾਵਲਪਿੰਡੀ ਲੈ ਆਏ ਅਤੇ ਉਕਤ ਔਰਤ ਇੰਦਰਪਾਲ ਦਾ ਮੈਡੀਕਲ ਕਰਵਾ ਕਿ ਉਸਨੂੰ ਨਾਰੀ ਨਿਕੇਤਨ ਜਲੰਧਰ ਭੇਜਿਆ ਗਿਆ। ਐਸ.ਐਚ.ਓ ਰਾਜ ਕੁਮਾਰ ਦੇ ਅਨੁਸਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਰਿਸ਼ੀ ਠਾਕਰ ਦਾਸ ਮਹਾਰਾਜ ਜੀ ਦਾ 65 ਵਾਂ ਮਹਾਨ ਬਰਸੀ ਯੱਗ ਧੂਮ ਧਾਮ ਨਾਲ ਮਨਾਇਆ ਗਿਆ

ਫਿਲੌਰ-(ਚੰਦੜ੍ਹ)-ਫਿਲੌਰ ਦੇ ਨਜਦੀਕੀ ਪਿੰਡ ਹਰੀਪੁਰ ਖਾਲਸਾ ਦੇ ਦਰਬਾਰ ਰਾਜ ਰਿਸ਼ੀ ਠਾਕਰ ਦਾਸ ਜੀ ਵਿਖੇ ਦਰਬਾਰ ਦੇ ਗੱਦੀ ਨਸ਼ੀਨ ਸੰਤ ਰਾਮ ਦਾਸ ਜੀ ਦੀ ਯੋਗ ਅਗਵਾਈ ਹੇਠ ਧੰਨ-ਧੰਨ ਰਾਜ ਰਿਸ਼ੀ ਠਾਕਰ ਦਾਸ ਮਹਾਰਾਜ ਜੀ ਦੀ 65 ਵੀ ਬਰਸੀ ਮੋਕੇ ਇੱਕ ਵਿਸ਼ਾਲ ਨਗਰ ਕੀਰਤਨ ਦਰਬਾਰ ਰਾਜ ਰਿਸ਼ੀ ਠਾਕਰ ਦਾਸ ਜੀ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਦਰਬਾਰ ਵਿਖੇ ਪੁੱਜਾ ਜਿੱਥੇ ਸਤਿਗੁਰੂਾਂ ਦੀ ਮਹਿਮਾ ਦਾ ਗੁਣਗਾਣ ਕਰਨ ਲਈ ਵਿਸ਼ਾਲ ਦੀਵਾਨ ਸਜਾਏ ਗਏ ਰਾਤ ਭਰ ਚੱਲੇ ਇਸ ਸਮਾਗਮ ਦੋਰਾਨ ਪੰਜਾਬ ਦੇ ਨਾਮਵਰ ਕਲਾਕਾਰ ਮਨਜੀਤ ਪਵਾਰ, ਰਾਕਸ਼ ਬਾਲੀ, ਸੁੱਖ ਨੰਦਾਚੌਰੀ ਅਤੇ ਕੀਰਤਨੀ ਜੱਥਿਆਂ ਨੇ ਰਿਸ਼ੀ ਠਾਕਰ ਦਾਸ ਜੀ ਦੀ ਮਹਿਮਾ ਦਾ ਗੁਣ ਗਾਣ ਕੀਤਾ। ਇਸ ਤੋਂ ਉਪਰੰਤ ਦੂਜੇ ਦਿਨ ਵੀ ਭਾਰੀ ਦੀਵਾਨ ਸਜਾਏ ਗਏ। ਇਸ ਮੋਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਬਰਸੀ ਯੁੱਗ ਵਿੱਚ ਉਚੇਚੇ ਤੋਰ ਤੇ ਪੁੱਜ ਦਰਬਾਰ ਤਾਜਪੁਰ, ਦਰਬਾਰ ਲਾਬੜਾ ਸਾਹਿਬ, ਦਰਬਾਰ ਪਰਮ ਹੰਸ ਠਾਕਰ ਜੀ, ਦਰਬਾਰ ਬਾਪੂ ਜਵਾਲਾ ਸਿੰਘ ਜੀ, ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮਹਾਂਪੁਰਸਾ, ਰਾਗੀ ਢਾਡੀ, ਕੀਰਤਨੀ ਜੱਥਿਆ ਨੇ ਰਿਸ਼ੀ ਠਾਕਰ ਦਾਸ ਜੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੋਕੇ ਗੱਦੀ ਨਸ਼ੀਨ ਸੰਤ ਰਾਮ ਦਾਸ ਜੀ ਨੇ ਰਿਸੀ ਠਾਕਰ ਦਾਸ ਜੀ ਦੀ ਮਹਿਮਾ ਦਾ ਗੁਣਗਾਣ ਕਰਦ ਹੋਏ ਆਇਆ ਸੰਗਤਾ ਨੂੰ ਰਿਸ਼ੀ ਠਾਕਰ ਦਾਸ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਉਪਦਸ਼ ਦਿੱਤੀ। ਇਸ ਮੋਕੇ ਸੰਤ ਰਾਮ ਦਾਸ ਜੀ ਨੇ ਰਿਸ਼ੀ ਠਾਕਰ ਦਾਸ ਜੀ ਦੀ ਮਹਿਮਾ ਵਿੱਚ ‘‘ਧੰਨ ਰਿਸ਼ੀ ਠਾਕਰ ਜੀ '' ਨਾਮ ਦੀ ਆਡੀਉ ਕੈਸਿਟ ਰਿਲੀਜ ਕੀਤੀ। ਸਮਾਗਮ ਦੇ ਅੰਤ ਵਿੱਚ ਸਨਮਾਨਯੋਗ ਸਖਸੀਅਤਾ ਨੂੰ ਦਰਬਾਰ ਵਲੋਂ ਸਿਰੋਪਾ ਭੇਂਟ ਕਰਕੇ ਸਨਮਾਨਿੰਤ ਕੀਤਾ ਗਿਆ। ਇਸ ਮੋਕੇ ਰਿਸ਼ੀ ਠਾਕਰ ਦਾਸ ਜੀ ਅਜਾਦ ਨਿਗਰਾਨ ਕਮਟੀ, ਰਿਸ਼ੀ ਠਾਕਰ ਦਾਸ ਵੈਲਫੇਂਅਰ ਸੁਸਾਇਟੀ, ਰਿਸ਼ੀ ਠਾਕਰ ਦਾਸ ਸਪੋਰਟਸ ਕਲੱਬ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਿਰ ਸਨ।

ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਿਆ-ਅਧਿਕਾਰੀਆਂ ਵੱਲੋਂ ਦਰਿਆ ਦਾ ਦੌਰਾ-ਬੰਨ੍ਹ ਮਜ਼ਬੂਤ ਕਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ

ਸ਼ਾਹਕੋਟ-(ਸੁਖਦੀਪ ਸਚਦੇਵਾ)-ਪੰਜਾਬ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਭਾਖੜਾ ਡੈਮ ਵਿੱਚ ਲਗਾਤਾਰ ਪਾਣੀ ਵਧਣ ਕਾਰਨ ਰੋਜ਼ਾਨਾ ਹੀ ਬਹੁਤ ਸਾਰਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਜਿਥੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ, ਉਥੇ ਪ੍ਰਸ਼ਾਸਨ ਵੱਲੋਂ ਵੀ ਹੜ੍ਹ ਰੋਕਣ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਖ਼ਤ ਆਦੇਸ਼ ਜਾਰੀ ਕਰਦੇ ਹੋਏ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਜਿ਼ਆਦਾ ਹੋਣ ਕਰਕੇ ਵੱਖ-ਵੱਖ ਕਰਮਚਾਰੀਆਂ ਦੀਆਂ ਡਿਊਟੀਆਂ ਬੁਰਜੀਆਂ ‘ਤੇ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਜਿ਼ਆਦਾ ਸਮੱਸਿਆ ਆਉਂਦੀ ਹੈ ਤਾਂ ਉਹ ਸਮੇਂ ਸਿਰ ਉਸ ਸਮੱਸਿਆ ਨੂੰ ਨਜਿੱਠਣ ਲਈ ਉਪਰਾਲੇ ਕਰ ਸਕਣ। ਇਸ ਸਬੰਧੀ ਸਵੇਰ ਵੇਲੇ ਬੰਨ੍ਹ ਦਾ ਦੌਰਾ ਕਰਨ ਗਏ ਬੀ.ਡੀ.ਪੀ.ਓ. ਸ਼ਾਹਕੋਟ ਪਿਊਸ ਚੰਦਰ, ਪੰਚਾਇਤ ਅਫ਼ਸਰ ਅਜਮੇਰ ਸਿੰਘ, ਨਹਿਰੀ ਵਿਭਾਗ ਦੇ ਐਸ.ਡੀ.ਓ. ਹਰੀਸ਼ ਚੰਦਰ ਨੇ ਦੱਸਿਆ ਕਿ ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਜਿਸ ਕਾਰਨ ਸਤਲੁਜ ਦਰਿਆ ਦੇ ਬੰਨ੍ਹ ਜਿਥੋਂ ਕਮਜ਼ੋਰ ਹੈ, ਉਸ ਜਗ੍ਹਾ ‘ਤੇ ਅੱਜ ਤੋਂ ਹੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਹਰ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੰਮ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਟਰੈਕਟਰ, ਟਰਾਲੀਆਂ, ਜੇ.ਸੀ.ਬੀ. ਮਸ਼ੀਨਾਂ ਰਾਹੀਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਥੰਮੂਵਾਲ ਬੁਰਜੀ ਨੰਬਰ 99500, ਥੰਮੂਵਾਲ ਬੁਰਜੀ ਨੰਬਰ 91960, ਬਾਊਪੁਰ ਤੇ ਬਾਊਪੁਰ ਖੁਰਦ ਬੁਰਜੀ ਨੰਬਰ 97100-300, ਦਾਨੇਵਾਲ ਬੁਰਜੀ ਨੰਬਰ 99800 ਅਤੇ ਰਾਜੇਵਾਲ ਵਿਖੇ ਬੀ.ਡੀ.ਪੀ.ਓ. ਦਫ਼ਤਰ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਥੇ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਪਾਣੀ ਦਾ ਪੱਧਰ ਵਧਣ ਕਾਰਨ ਬਹੁਤ ਸਾਰੀ ਫਸਲ ਦਰਿਆ ਦੇ ਪਾਣੀ ਵਿੱਚ ਡੁੱਬ ਗਈ ਹੈ ਅਤੇ ਬਹੁਤ ਸਾਰੇ ਘਰ ਜੋ ਕਿ ਸਤਲੁਜ ਦਰਿਆ ਦੇ ਕੰਡੇ ‘ਤੇ ਹਨ, ਵੀ ਪਾਣੀ ਨਾਲ ਘਿਰੇ ਹੋਏ ਹਨ। ਇਸ ਮੌਕੇ ‘ਤੇ ਦੌਰਾ ਕਰਨ ਸਮੇਂ ਹੋਰਨਾਂ ਤੋਂ ਇਲਾਵਾ ਪੰਚਾਇਤ ਸਕੱਤਰ ਪਰਮਜੀਤ ਸਿੰਘ, ਲੱਖਪਾਲ, ਜੈਲ, ਗ੍ਰਾਮ ਰੁਜ਼ਗਾਰ ਸੇਵਕ ਪਿਆਰਾ ਸਿੰਘ ਅਤੇ ਨਹਿਰੀ ਵਿਭਾਗ ਦੇ ਜੇ.ਈ. ਰਜਿੰਦਰ ਕੁਮਾਰ, ਜੇ.ਈ.ਸੁਖਵਿੰਦਰ ਸਿੰਘ ਵਾਲੀਆ ਤੇ ਤਰਸੇਮ ਲਾਲ ਆਦਿ ਹਾਜ਼ਰ ਸਨ।

ਹਰੀਕੇ ਪੱਤਣ ਤੋਂ ਵੀ ਨਾਲੋਂ-ਨਾਲ ਪਾਣੀ ਛੱਡਿਆ ਜਾਵੇ-ਸੰਤ ਸੀਚੇਵਾਲ

ਸ਼ਾਹਕੋਟ-(ਸੁਖਦੀਪ ਸਚਦੇਵਾ)-ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਖੜਾ ਡੈਮ ਤੋਂ ਸਤਲੁਜ ‘ਚ ਪਾਣੀ ਛੱਡਣ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ‘ਚ ਹੜ੍ਹ ਦੀਆਂ ਸੰਭਾਵਨਾਵਾਂ ਘਟਾਉਣ ਲਈ ਪਾਣੀ ਹਰੀਕੇ ਹੈੱਡ ਤੋਂ ਵੀ ਪਾਣੀ ਨਾਲੋਂ- ਨਾਲ ਛੱਡਿਆ ਜਾਵੇ । ਜ਼ਿਕਰਯੋਗ ਹੈ ਕਿ ਸਤਲੁਜ ‘ਚ 35 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਹਰੀਕੇ ਪੱਤਣ ‘ਤੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਜਿਸ ਕਾਰਨ ਇੱਥੇ ਲੋੜ ਤੋਂ ਵਾਧੂ ਪਾਣੀ ਇੱਕਠਾ ਹੋਣ ਦੀਆਂ ਸੰਭਾਵਨਾਵਾਂ ਵੱਧ ਹੁੰਦੀਆਂ ਹਨ। 
ਉਨ੍ਹਾਂ ਕਿਹਾ ਕਿ ਸਤਲੁਜ ‘ਚ ਭਾਖੜਾ ਡੈਮ ਤੋਂ ਤਾਂ ਵਾਧੂ ਪਾਣੀ ਛੱਡ ਦਿੱਤਾ ਜਾਂਦਾ ਹੈ ਪਰ ਇਸ ਪਾਣੀ ਨੂੰ ਹਰੀਕੇ ਹੈਡ ਤੋਂ ਅੱਗੇ ਨਹੀਂ ਛੱਡਿਆ ਜਾਂਦਾ । ਜਿਸ ਕਾਰਨ ਸਤਲੁਜ ‘ਚ ਹੜ੍ਹ ਦਾ ਖਤਰਾ ਵੱਧ ਜਾਂਦਾ ਹੈ। ਸੰਤ ਸੀਚੇਵਾਲ ਨੇ ਚੀਫ ਇੰਜੀਨੀਅਰ ਸ਼੍ਰੀ ਵਿਨੋਦ ਕੁਮਾਰ ਚੌਧਰੀ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਲੋਕਾਂ ਦੇ ਮਨਾਂ ‘ਚ ਪਾਈ ਜਾ ਰਹੀ ਘਬਰਾਹਟ ਨੂੁੰ ਦੂਰ ਕਰਨ ਲਈ ਇਹ ਜਰੂਰੀ ਹੈ ਕਿ ਪਾਣੀ ਹਰੀਕੇ ਹੈਡ ਤੇ ਜਾ ਕੇ ਇੱਕਠਾ ਨਾ ਹੋਵੇ। 
ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਤੋਂ ਪਾਣੀ ਨਾਲੋਂ-ਨਾਲ ਨਾ ਛੱਡਣ ਦੀ ਕੀਤੀ ਜਾਂਦੀ ਤਕਨੀਕੀ ਲਾਪ੍ਰਵਾਹੀ ਕਾਰਨ ਹੀ ਲੋਕਾਂ ਨੂੰ ਹੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਚੀਫ ਇੰਜੀਨੀਅਰ ਨੁੂੰ ਦੱਸਿਆ ਕਿ ਵਿਭਾਗ ਪਹਿਲਾਂ ਪਾਣੀ ਨਾ ਛੱਡਕੇ ਲੋਕਾਂ ਦਾ ਨੁਕਸਾਨ ਕਰਦਾ ਹੈ। ਪਾਣੀ ਨਾ ਛੱਡਣ ਕਾਰਨ ਪਿੱਛਲੇ ਪਾਸੇ ਪਾਣੀ ਨਾਲ ਨੁਕਸਾਨ ਹੋ ਜਾਂਦਾ ਹੈ ਇਸ ਨੁਕਸਾਨ ਨੂੰ ਘਟਾਉਣ ਲਈ ਜਦੋਂ ਹਰੀਕੇ ਹੈਡ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਨਾਲ ਅਗਲੇ ਪਾਸੇ ਦੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਨਾਲੋਂ ਨਾਲ ਛੱਡਿਆ ਜਾਵੇ ਤਾਂ ਦੋਹਾਂ ਪਾਸਿਆਂ ਦੇ ਹੋਣ ਵਾਲੇ ਨੁਕਸਾਨ ਨੂੁੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੀਕੇ ਹੈਡ ਤੋਂ ਤਿੰਨ ਲੱਖ ਕਿਊਸਕ ਪਾਣੀ ਛੱਡਣ ਦੀ ਸਮਰੱਥਾ ਹੈ।

ਆਦਿ ਧਰਮ ਵਰਲਡ ਮਿਸ਼ਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਪੁਰੂ ਆਸਥਾ ਰੱਖਦਾ ਹੈ-ਸੂਦ-‘ਅਮ੍ਰਿਤਬਾਨੀ' ਦੇ ਵਿਰੋਧ ਵਿੱਚ ਸਿੱਖ ਸਮਾਜ ਨਾਲ ਆਧਿ ਧਰਮ ਸਮਾਜ ਵੀ ਹੋਇਆ ਖੜਾ-ਫਗਵਾੜਾ ‘ਚ ਦਮਦਮੀ ਟਕਸਾਲ ਵਾਲਿਆਂ ਤੇ ਹਮਲੇ ਸਬੰਧੀ ਮੰਗੀ ਮੁਆਫੀ

ਫਗਵਾੜਾ ਦੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਦਿ ਧਰਮ ਵਰਲਡ ਮਿਸ਼ਨ (ਰਜ਼ਿ) ਦੇ ਆਗੂ ਕਿਸ਼ਨ ਪਾਲ ਸੂਦ। ਉਨ੍ਹਾਂ ਦੇ ਨਾਲ ਬਾਬਾ ਮਨਜੀਤ ਸਿੰਘ ਅਤੇ ਹੋਰ

ਫਗਵਾੜਾ-(ਹਰੀਪਾਲ ਸਿੰਘ)-ਦਲਿਤ ਸਮਾਜ ਦੇ ਇਕ ਵਰਗ ਵਲੋਂ ਅਮ੍ਰਿਤਬਾਨੀ ਦੇ ਪ੍ਰਕਾਸ਼ ਕਰਨ ਨੂੰ ਲੈ ਕਿ ਪੈਦਾ ਹੋਏ ਵਿਵਾਦ ਵਿੱਚ ਪਹਿਲਾਂ ਜਿੱਥੇ ਸਿੱਖ ਸਮਾਜ ਹੀ ਇਸਦਾ ਵਿਰੋਧ ਕਰਦਾ ਸੀ ਉਥੇ ਹੁਣ ਆਦਿ ਧਰਮ ਸਮਾਜ ਦਾ ਅੰਤਰਰਾਸ਼ਟਰੀ ਸੰਗਠਨ ‘ਆਦਿ ਧਰਮ ਵਰਲਡ ਮਿਸ਼ਨ' ਵੀ ਸਿੱਖ ਸਮਾਜ ਦੇ ਨਾਲ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਆਸਥਾ ਰੱਖਦੇ ਹੋਏ ਇਸ ਮਾਮਲੇ ਵਿੱਚ ਸਿੱਖ ਸਮਾਜ ਅਤੇ ਦਮਦਮੀ ਟਕਸਾਲ ਦੇ ਹੱਕ ਵਿੱਚ ਖੜਾ ਹੋ ਗਿਆ ਹੈ। ਆਦਿ ਧਰਮ ਵਰਲਡ ਮਿਸ਼ਨ ਰਜ਼ਿ.ਦੇ ਪ੍ਰਧਾਨ ਕਿਸ਼ਨ ਪਾਲ ਸੂਦ ਨੇ ਗੁਰੁਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਭਿੰਡਰਾਵਾਲੇ ਦੇ ਪ੍ਰਚਾਰਕ ਭਾਈ ਮਨਜੀਤ ਸਿੰਘ ਅਤੇ ਸੰਤ ਹਰੀ ਸਿੰਘ ਸਰਮਸਤਪੁਰ ਵਾਲਿਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਪਿਛਲੇ ਦਿਨੀ ਫਗਵਾੜਾ ਵਿੱਚ ਦਮਦਮੀ ਟਕਸਾਲ ਵਾਲਿਆਂ ਦੀ ਗੱਡੀ ਤੇ ਪਥਰਾਓ ਕਰਨ ਅਤੇ ਟਕਸਾਲ ਦੇ ਸੇਵਕਾਂ ਤੇ ਜਾਨਲੇਵਾ ਹਮਲਾ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸਤੋਂ ਵੀ ਵੱਡੇ ਦੁੱਖ ਦੀ ਗਲ ਇਹ ਹੈ ਕਿ ਹਮਲਾ ਕਰਨ ਵਾਲੇ ਗੁਰੂ ਰਵਿਦਾਸ ਟਾਈਗਰਸ ਫੋਰਸ ਦੇ ਮੈਂਬਰ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਤੇ ਹਮਲਾ ਕਰਨ ਵਾਲੇ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਨਹੀ ਹੋ ਸਕਦੇ। ਉਨ੍ਹਾਂ ਕਿਹਾ ਕਿ ਉਹ ਆਦਿ ਧਰਮ ਸਮਾਜ ਵਲੋਂ ਗਲਤ ਅਨਸਰਾਂ ਵਲੋਂ ਕੀਤੀ ਗਈ ਇਸ ਭੁੱਲ ਦੀ ਸਮੁਚੇ ਸਿੱਖ ਸਮਾਜ ਅਤੇ ਖਾਸਤੌਰ ਤੇ ਦਮਦਮੀ ਟਕਸਾਲ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਸਾਡੀ ਸਾਂਝ ਸਦੀਆਂ ਪੁਰਾਣੀ ਹੈ। ਇਥੇ ਗੱਲਬਾਤ ਕਰਦੇ ਹੋਏ ਕਿਸ਼ਨ ਪਾਲ ਸੂਦ ਨੇ ‘ਅਮ੍ਰਿਤਬਾਨੀ' ਦੇ ਪ੍ਰਕਾਸ਼ ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਜਿਸ਼ ਤਹਿਤ ਇਸ ਗੰ੍ਰਥ ਨੂੰ ਬਨਾਇਆ ਗਿਆ ਹੈ ਤੇ ਇਹ ਪੁਰਣ ਗੰ੍ਰਥ ਨਹੀ ਬਲਕਿ ਗੁਰੂ ਗੰ੍ਰਥ ਸਾਹਿਬ ਵਿਚੋਂ ਹੀ ਕੁੱਝ ਹਿੱਸਾ ਵੱਖਰਾ ਕਰ ਦਿੱਤਾ ਹੈ, ਜਿਸ ਵਿੱਚ ਕਿਸੇ ਵੀ ਹੋਰ ਸੰਤ ਮਹਾਂਪੁਰਸ਼ ਨੂੰ ਸਥਾਨ ਨਹੀ ਦਿੱਤਾ ਜਦਕਿ ਗੁਰੂ ਗੰ੍ਰਥ ਸਾਹਿਬ ਵਿੱਚ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਬਰਾਬਰ ਸਥਾਨ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਗੰ੍ਰਥ ਸਾਹਿਬ ਵਿੱਚ ਸਾਡੀ ਅਥਾਹ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਰਵਿਦਾਸੀਆ ਨਾਮ ਨਾਲ ਸ਼ੁਰੂ ਕੀਤੇ ਗਏ ਧਰਮ ਵਿੱਚ ਗੁਰੂ ਰਵਿਦਾਸ ਮਹਾਰਾਜ਼ ਜੀ ਦੀ ਇੱਜ਼ਤ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਰਵਿਦਾਸ ਨੂੰ ਰਵਿਦਾਸੀਆ ਬਨਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਸਰਵਉੱਚ ਹੈ ਇਸ ਲਈ ਕਿਸੇ ਵੀ ਧਰਮ ਜਾਂ ਸਮਾਜ ਨਾਲ ਜੁੜੇ ਮਹਾਂਪੁਰਸ਼ ਨੂੰ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਬੈਠ ਕਿ ਆਪਣੀ ਪੂਜ਼ਾ ਕਰਵਾਉਣ ਦਾ ਅਧਿਕਾਰ ਨਹੀ। ਉਨ੍ਹਾਂ ਵਿਆਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਤ ਰਮਾਂਨੰਦ ਜੀ ਤੇ ਹੋਏ ਹਮਲੇ ਦੀ ਘਟਨਾ ਜਿਸ ਵਿੱਚ ਉਨ੍ਹਾਂ ਦੀ ਜਾਨ ਚੱਲੀ ਗਈ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸ਼੍ਰੀ ਸੂਦ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਅਜਿਹੇ ਮਾਮਲੇ ਵਿੱਚ ਦਮਦਮੀ ਟਕਸਾਲ ਤੇ ਹਮਲਾ ਹੋਇਆ ਜਾਂ ਫਿਰ ਕਿਸੇ ਧਰਮ ਦਾ ਨਿਰਾਦਰ ਕਰਨ ਦਾ ਯਤਨ ਕੀਤਾ ਤਾਂ ਆਦਿ ਧਰਮ ਵਰਲਡ ਮਿਸ਼ਨ ਦਮਦਮੀ ਟਕਸਾਲ ਦੇ ਨਾਲ ਖੜਾ ਹੋਵੇਗਾ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਤੇ ਇਤਰਾਜ਼ ਕਰਨ ਸਬੰਧੀ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਹੜਾ ਸੰਤ ਮਹਾਂਪੁਰਸ਼ ਜਿਸ ਸਮਾਜ ਲਈ ਕੁਰਬਾਨੀ ਦਿੰਦਾ ਹੈ ਉਹ ਉਸ ਸਮਾਜ ਦਾ ਹੀਰੋ ਹੁੰਦਾ ਹੈ ਇਸ ਲਈ ਕਿਸੇ ਨੂੰ ਵੀ ਸੰਤਾਂ ਦੀ ਤਸਵੀਰ ਤੇ ਇਤਰਾਜ਼ ਨਹੀ ਹੋਣਾ ਚਾਹੀਦਾ। ਇਸ ਮੋਕੇ ਹਰੀ ਸਿੰਘ, ਬੁੱਧ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਭਾਈ ਲਖਵਿੰਦਰ ਸਿੰਘ, ਗੁਰਨਾਮ ਸਿੰਘ ਗਾਮਾ, ਅਵਤਾਰ ਚੰਦ ਬੁਰਜ਼, ਅਰਜ਼ੁਣ ਸਿੰਘ ਕਾਹਲੋਂ, ਰਾਮ ਲੁਭਾਇਆ ਆਦਿ ਮੌਜ਼ੂਦ ਸਨ।

ਬਸਪਾ ਦਾ ਵਫਦ ਡਵੀਜਨ ਕਮਿਸ਼ਨਰ ਜਲੰਧਰ ਨੂੰ ਮਿਲਿਆ 

ਜਲੰਧਰ-ਬਹੁਜਨ ਸਮਾਜ ਕਮੇਟੀ ਦਾ ਵਫਦ ਬਸਪਾ ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਕੋਟਲੀ ਥਾਨ ਸਿੰਘ ਮੀਡੀਆ ਇੰਚਾਰਜ ਪੰਜਾਬ ਦੀ ਅਗਵਾਈ ਵਿੱਚ ਗੁਰੂ ਰਵਿਦਾਸ ਗੁਰਦਵਾਰਾ ਪਰਾਗਪੁਰ ਜਲੰਧਰ ਦੀ ਜਾਇਦਾਦ ਉੱਪਰ ਨਜ਼ਾਇਜ਼ ਕਬਜਾ ਕਰਨ ਦੇ ਮਸਲੇ ਸਬੰਧੀ ਡਵੀਜਨ ਕਮਿਸ਼ਨਰ ਸ਼੍ਰੀ.ਐੱਸ.ਆਰ ਲੱਧੜ ਨੂੰ ਮਿਲਿਆ। ਇਸ ਮੌਕੇ ਬਸਪਾ ਪੰਜਾਬ ਦੇ ਆਗੂ ਸੁਖਵਿੰਦਰ ਕੋਟਲੀ ਥਾਨ ਸਿੰਘ ਨੇ ਦੱਸਿਆ ਕਿ ਪਿੰਡ ਪਰਾਗਪੁਰ ਨੇੜੇ ਜਲੰਧਰ ਕੇਂਟ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦਵਾਰਾ ਪਿਛਲੇ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ ਅਤੇ ਗੁਰਦਵਾਰਾ ਸਾਹਿਬ ਦੀਆਂ ਚਾਰ ਦੁਕਾਨਾ ਬਣੀਆਂ ਹੋਈਆਂ ਹਨ ਉਹਨਾਂ ਵਿੱਚੋਂ ਦੋ ਦੁਕਾਨਾਂ ਉੱਪਰ ਇੱਕ ਵਿਅਕਤੀ ਵਲੋਂ ਨਜ਼ਾਇਜ਼ ਕਬਜਾ ਕੀਤਾ ਹੋਇਆ ਹੈ ਜਿਸ ਦਾ ਪ੍ਰਬੰਧਕ ਕਮੇਟੀ ਨੂੰ ਕੋਈ ਕਿਰਾਇਆ ਆਦਿ ਨਹੀਂ ਦਿੱਤਾ ਜਾ ਰਿਹਾ। ਦੁਕਾਨਾਂ ਵਿੱਚ ਰਹਿ ਰਹੇ ਵਿਅਕਤੀ ਕੁਲਵਿੰਦਰ ਕੁਮਾਰ ਪੁੱਤਰ ਸਵਰਨਾ ਰਾਮ ਵਾਸੀ ਪਰਾਗਪੁਰ ਨੇ ਪਿਛਲੇ ਦਿਨੀਂ ਝੂਠੇ ਦਸਤਾਵੇਜ ਤਿਆਰ ਕਰਕੇ ਉਸ ਵਿੱਚ ਬਿਜਲੀ ਦਾ ਮੀਟਰ ਆਪਣੇ ਨਾਮ ਉੱਪਰ ਲਗਵਾਉਣ ਦੀ ਕੋਸਿ਼ਸ਼ ਕੀਤੀ। ਉਕਤ ਵਿਅਕਤੀ ਉਪਭੋਗਤਾ ਫੋਰਮ ਪਾਸੋਂ ਕੇਸ ਹਾਰ ਚੁੱਕਾ ਹੈ ਤੇ ਜਲੰਧਰ ਪੁਲਿਸ ਦੀ ਮਿਲੀ-ਭੁਗਤ ਨਾਲ ਦੁਕਾਨਾਂ ਉੱਪਰ ਧੱਕੇ ਨਾਲ ਨਜ਼ਾਇਜ਼ ਕਬਜਾ ਕਰੀ ਬੈਠਾ ਹੈ। ਇਸ ਮਾਮਲੇ ਸਬੰਧੀ ਬਸਪਾ ਦਾ ਵਫਦ ਪਹਿਲਾ ਥਾਣਾ ਰਾਮਾਮੰਡੀ ਪੁਲਿਸ, ਏ.ਡੀ.ਸੀ.ਪੀ.ਐਸ.ਕੇ ਕਾਲੀਆ ਅਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਇਨਸਾਫ ਦੀ ਮੰਗ ਕਰ ਚੁੱਕਾ ਹੈ ਪਰ ਸਰਕਾਰੀ ਦਬਾਅ ਅਤੇ ਕੁੱਝ ਮਿਲੀ-ਭਗਤ ਦੇ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਅੱਜ ਡਵੀਜਨ ਕਮਿਸ਼ਨਰ ਸਾਹਿਬ ਜਲੰਧਰ ਨੂੰ ਮਿਲਕੇ ਇਨਸਾਫ ਦੀ ਮੰਗ ਕੀਤੀ ਗਈ। ਵਫਦ ਨੇ ਆਖਿਆ ਕਿ ਦੋਸ਼ੀ ਖਿਲਾਫ ਕੇਸ ਦਰਜ਼ ਕੀਤਾ ਜਾਵੇ ਅਗਰ ਸੋਮਵਾਰ ਤੱਕ ਇਨਸਾਫ ਨਾ ਮਿਲਿਆ ਤਾਂ ਬਸਪਾ ਵਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਜਿਸ ਸਬੰਧੀ ਪੂਰੇ ਜਿਲ੍ਹੇ ਅੰਦਰ ਇਸ ਮਾਮਲੇ ਸਬੰਧੀ ਵਰਕਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਬਸਪਾ ਆਗੂ ਸੁਖਵਿੰਦਰ ਕੋਟਲੀ ਨੇ ਆਖਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਲੰਧਰ ਪੁਲਿਸ ਇਸ ਮਾਮਲੇ ਅੰਦਰ ਸਿੱਧੀ ਦਖਲ ਅੰਦਾਜੀ ਕਰਕੇ ਪਿੰਡ ਵਾਸੀਆ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਸੋਮਵਾਰ ਤੱਕ ਇਸ ਮਾਮਲੇ ਸਬੰਧੀ ਉਡੀਕ ਕੀਤੀ ਜਾਵੇਗੀ। ਅੱਜ ਦੇ ਵਫਦ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ.ਕਮਲ ਦੇਵ ਜੰਡੂ ਸਿੰਘਾ, ਮੇਜਰ ਧਰਮ ਚੰਦ ਪ੍ਰਧਾਨ, ਸੁਰਿੰਦਰ ਪਾਲ, ਬਲਵੰਤ ਸਿੰਘ, ਜਗਜੀਤ ਰਾਮ, ਸੋਤੀ ਲਾਲ ਸੈਕਟਰੀ, ਰਾਜੀਵ ਕੁਮਾਰ, ਹਰਵੀਸ ਲਾਲ, ਬੂਟਾ ਰਾਮ, ਅਵਤਾਰ ਸਿੰਘ, ਸ਼੍ਰੀਮਤੀ ਨਿਰਮਲਾ, ਬੀਬੀ ਮਹਿੰਦਰ ਕੌਰ, ਬੀਬੀ ਸਿ਼ੰਦੋ, ਕਸ਼ਮੀਰ ਕੌਰ, ਹਰਮੇਸ਼ ਕੌਰ, ਮੰਗਾ ਰਾਮ, ਹਰਮੇਸ਼ ਕੁਮਾਰ ਮੇਂਲੀ, ਸੁਖਦੇਵ ਕੁਮਾਰ, ਕੁਲਵਿੰਦਰ ਕੁਮਾਰ, ਸਤਵੀਰ ਕੁਮਾਰ ਤੋਂ ਇਲਾਵਾ ਬਹੁਤ ਸਾਰੇ ਲੋਕ ਹਾਜ਼ਰ ਸਨ।

ਅਜ਼ਾਦੀ ਤੋਂ ਬਾਅਦ ਪਹਿਲੀ ਬਾਰ ਭਾਜਪਾ ਨੂੰ ਮਿਲੀ ਨਗਰ ਕੋਂਸਲ ਦੀ ਸੱਤਾ ਖਤਰੇ ਵਿੱਚ ਪਈ-ਮੰਡਲ ਪ੍ਰਧਾਨ ਨੇ ਕਿਹਾ ਅਸਤੀਫਿਆਂ ਦਾ ਮਾਮਲਾ ਹਾਈਕਮਾਨ ਦੇ ਹਵਾਲੇ-ਫਗਵਾੜਾ ਭਾਜਪਾ ਵਿੱਚ ਧਮਾਕਾ ਭਾਜਪਾ ਦੇ 9 ਚੋਂ 7 ਕੋਂਸਲਰਾਂ ਨੇ ਬਾਗੀ ਹੋ ਕਿ ਦਿੱਤੇ ਅਸਤੀਫੇ 

ਫਗਵਾੜਾ-(ਹਰੀਪਾਲ ਸਿੰਘ)-ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਬਾਰੀ ਭਾਜਪਾ ਨੂੰ ਮਿਲਿਆ ਨਗਰ ਕੋਂਸਲ ਦਾ ਸਾਸ਼ਨ ਉਸ ਵੇਲੇ ਖਤਰੇ ਵਿੱਚ ਪੈ ਗਿਆ ਜਦੋਂ ਫਗਵਾੜਾ ਭਾਜਪਾ ਦੇ 9 ਕੋਂਸਲਰਾਂ ਵਿਚੋਂ 7 ਨੇ ਬਾਗੀ ਹੋ ਕਿ ਆਪਣੇ ਅਸਤੀਫੇ ਮੰਡਲ ਪ੍ਰਧਾਨ ਨੂੰ ਦੇ ਸੋਂਪ ਦਿੱਤੇ। ਕੋਂਸਲਰਾਂ ਨੇ ਅਜਿਹਾ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਨਗਰ ਕੋਂਸਲ ਵਿੱਚ ਸਭ ਕੁਝ ਠੀਕ ਨਹੀ ਹੈ। ਪਾਰਟੀ ਦੇ ਸੂਬਾ ਉਪ ਪ੍ਰਧਾਨ ਸੋਮ ਪ੍ਰਕਾਸ਼ ਅੱਜ਼ ਇਨ੍ਹਾਂ ਕੋਂਸਲਰਾਂ ਨੂੰ ਮਨਾਉਣ ਫਗਵਾੜਾ ਪਹੁੰਚੇ ਅਤੇ ਇਕ ਹੋਟਲ ਵਿੱਚ ਕਾਫੀ ਦੇਰ ਤੱਕ ਉਨ੍ਹਾਂ ਨੇ ਇਨ੍ਹਾਂ ਨਾਲ ਗੱਲਬਾਤ ਕੀਤੀ। ਕੋਂਸਲਰਾਂ ਨੇ ਸੋਮ ਪ੍ਰਕਾਸ਼ ਨੂੰ ਫਗਵਾੜਾ ਵਿੱਚ ਉਨ੍ਹਾਂ ਨੂੰ ਅਣਦੇਖਿਆਂ ਕਰਨ ਤੱਕ ਦੇ ਦੋਸ਼ ਲਗਾਏ ਹਨ। ਪੱਤਾ ਲੱਗਾ ਹੈ ਕਿ ਮੰਡਲ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਇਨ੍ਹਾਂ ਅਸਤੀਫਿਆਂ ਨੂੰ ਲੈ ਕਿ ਸੂਬੇ ਦੇ ਸੰਗਠਨ ਸਕੱਤਰ ਅਜੈ ਜਾਮਵਲ ਦੇ ਪਾਸ ਪਠਾਨਕੋਟ ਪਹੁੰਚ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਭਾਜਪਾ ਵਿੱਚ ਆਉਣ ਵਾਲੇ ਤੁਫਾਨ ਦੀ ਹਿਲਜ਼ੁਲ ਉਸ ਵੇਲੇ ਸ਼ੁਰੂ ਹੋ ਗਈ ਸੀ ਜਦੋਂ ਨਗਰ ਕੋਂਸਲ ਦੇ ਕਾਰਜਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾਂ ਦੀ ਬਦਲੀ ਦੀ ਖਬਰ ਫਗਵਾੜਾ ਪਹੁੰਚੀ। 12 ਜੁਲਾਈ ਨੂੰ ਫਗਵਾੜਾ ਦੇ ਕਾਰਜਸਾਧਕ ਅਫਸਰ ਪਰਮਜੀਤ ਸਿੰਘ ਦੀ ਬਦਲੀ ਕਰਕੇ ਆਦਰਸ਼ ਕੁਮਾਰ ਸ਼ਰਮਾਂ ਨੂੰ ਫਗਵਾੜਾ ਦਾ ਈ.ਓ ਨਿਯੁਕਤ ਕਰ ਦਿੱਤਾ ਸੀ, ਲੇਕਿਨ ਤਿੰਨ ਹਫਤੇ ਬਾਅਦ ਹੀ ਬੀਤੇ ਕਲ੍ਹ ਸ਼ਰਮਾਂ ਨੂੰ ਫਿਰ ਬਦਲ ਕਿ ਪਰਮਜੀਤ ਸਿੰਘ ਨੂੰ ਫਿਰ ਫਗਵਾੜਾ ਦਾ ਈ.ਓ ਨਿਯੁਕਤ ਕਰ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਜਿਸ ਦਿਨ ਤੋਂ ਸ਼ਰਮਾਂ ਨੂੰ ਫਗਵਾੜਾ ਤਾਇਨਾਤ ਕੀਤਾ ਸੀ ਉਸ ਦਿਨ ਤੋਂ ਹੀ ਨਗਰ ਕੋਂਸਲ ਪ੍ਰਧਾਨ ਅਤੇ ਈ.ਓ ਸ਼ਰਮਾਂ ਵਿਚਾਲੇ ਤਾਲਮੇਲ ਠੀਕ ਨਹੀਂ ਸੀ, ਹੋ ਸਕਦਾ ਹੈ ਕਿ ਇਸੇ ਕਾਰਨਾਂ ਕਰਕੇ ਬੁੱਧਵਾਰ ਨੂੰ ਉਨ੍ਹਾਂ ਦਾ ਇਥੋਂ ਤਬਾਦਲਾ ਕਰਵਾ ਦਿੱਤਾ ਗਿਆ ਹੋਵੇ। ਬੀਤੀ ਰਾਤ ਜਦੋਂ ਈ.ਓ ਸ਼ਰਮਾਂ ਦੀ ਬਦਲੀ ਦੀ ਖਬਰ ਜਦੋਂ ਫਗਵਾੜਾ ਪਹੁੰਚੀ ਤਾਂ ਫਗਵਾੜਾ ਦੇ 9 ਕੋਂਸਲਰਾਂ ਵਿਚੋਂ 7 ਕੋਂਸਲਰ ਇਕ ਕੋਂਸਲਰ ਦੇ ਘਰ ਇਕੱਤਰ ਹੋਏ ਅਤੇ ਬਾਗੀ ਸੁਰਾਂ ਅਖਤਿਆਰ ਕਰਕੇ ਪਾਰਟੀ ਤੋਂ ਅਸਤੀਫੇ ਦੇਣ ਦਾ ਮੰਨ ਬਣਾ ਲਿਆ। ਅੱਜ਼ ਸਵੇਰੇ ਇਹ ਬਾਗੀ ਕੋਂਸਲਰ ਹੁਸ਼ਿਆਰਪੁਰ ਰੋਡ ਤੇ ਇਕ ਕੋਂਸਲਰ ਦੇ ਘਰ ਇਕੱਤਰ ਹੋਏ ਜਿਸਤੋਂ ਬਾਅਦ ਉਨ੍ਹਾਂ ਹੁਸ਼ਿਆਰਪੁਰ ਰੋਡ ਤੇ ਹੀ ਇਕ ਰਿਸੋਰਟ ਵਿੱਚ ਮੰਡਲ ਪ੍ਰਧਾਨ ਨੂੰ ਬੁੱਲਾ ਕਿ ਉਨ੍ਹਾਂ ਨੂੰ ਆਪਣੇ ਅਸਤੀਫੇ ਦੇ ਦਿੱਤੇ। ਉਕਤ ਕੋਂਸਲਰਾਂ ਨੇ ਕਿਹਾ ਕਿ ਉਹ ਇਕਜੁੱਟ ਹਨ ਅਤੇ ਪਾਰਟੀ ਨੇ ਦੇਖਣਾਂ ਹੈ ਕਿ ਉਨ੍ਹਾਂ ਨੂੰ ਇਕ ਅਫਸਰ ਚਾਹੀਦਾ ਹੈ ਜਾਂ ਫਿਰ 7 ਕੋਂਸਲਰ। ਅਸਤੀਫਾ ਦੇਣ ਵਾਲੇ 7 ਕੋਂਸਲਰਾਂ ਵਿੱਚ ਪਾਰਟੀ ਦਾ ਇਕ ਜਨਰਲ ਸਕੱਤਰ ਵੀ ਸ਼ਾਮਲ ਹੈ। ਯਾਦ ਰਹੇ ਕਿ ਨਗਰ ਕੋਂਸਲ ਵਿੱਚ ਭਾਜਪਾ ਦੇ 9 ਕੋਂਸਲਰ ਹਨ ਜ਼ਿਨ੍ਹਾਂ ਦੀ ਬਦੌਲਤ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਬਾਰ ਭਾਜਪਾ ਖੇਮੇ ਵਿਚੋਂ ਨਗਰ ਕੋਂਸਲ ਦਾ ਪਧਾਨ ਬਣਿਆ ਹੈ। ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਇਨ੍ਹਾਂ ਕੋਂਸਲਰਾਂ ਨੂੰ ਮਨਾਉਣ ਦਾ ਯਤਨ ਕੀਤਾ,ਲੇਕਿਨ ਉਹ ਅਸਫਲ ਰਹੇ। 7 ਕੋਂਸਲਰ ਦੇ ਅਸਤੀਫੇ ਦੀ ਖਬਰ ਫੈਲਦੇ ਹੀ ਸ਼ਹਿਰ ਦੀ ਰਾਜਨੀਤੀ ਵਿੱਚ ਹਲਚਲ ਸ਼ੁਰੂ ਹੋ ਗਈ। ਦੱਸਿਆ ਜਾਂਦਾ ਹੈ ਕਿ ਅਸਤੀਫੇ ਦੇਣ ਵਾਲਿਆਂ ਨੇ ਆਗੂਆਂ ਅੱਗੇ ਖੁੱਲ ਕਿ ਆਪਣੀ ਭੜਾਸ ਕੱਢੀ। ਭਾਜਪਾ ਵਿੱਚ ਹੋਏ ਇਸ ਧਮਾਕੇ ਦੀ ਖਬਰ ਮਿਲਨ ਤੇ ਪਾਰਟੀ ਦੇ ਸੂਬਾ ਉਪ ਪ੍ਰਧਾਨ ਸੋਮ ਪ੍ਰਕਾਸ਼ ਵੀ ਫਗਵਾੜਾ ਪਹੁੰਚੇ ਜਿੱਥੇ ਉਨ੍ਹਾਂ ਇਕ ਰਿਸੋਰਟ ਵਿੱਚ ਕੋਂਸਲਰਾਂ ਦਾ ਪੱਖ ਸੁਣਿਆ, ਦੱਸਿਆ ਜਾਂਦਾ ਹੈ ਕਿ ਸੋਮ ਪ੍ਰਕਾਸ਼ ਨੇ ਵੀ ਉਨ੍ਹਾਂ ਨੂੰ ਮਨਾਉਣ ਦਾ ਯਤਨ ਕੀਤਾ, ਲੇਕਿਨ ਉਹ ਵੀ ਅਸਫਲ ਰਹੇ। ਅਸਤੀਫਿਆਂ ਨੂੰ ਲੈ ਕਿ ਮੰਡਲ ਪ੍ਰਧਾਨ ਅਰੁਣ ਖੋਸਲਾ ਅਤੇ ਜਿਲ੍ਹਾ ਜਨਰਲ ਸਕੱਤਰ ਰਾਕੇਸ਼ ਦੁੱਗਲ ਗੱਲਬਾਤ ਕਰਨ ਲਈ ਪਾਰਟੀ ਦੇ ਸੰਗਠਨ ਸਕੱਤਰ ਅਜੈ ਜਾਮਵਲ ਦੇ ਪਾਸ ਪਠਾਨਕੋਟ ਪਹੁੰਚ ਗਏ ਹਨ। ਪਾਰਟੀ ਦੇ ਹੁਣੇ ਜਿਹੇ ਹੀ ਥਾਪੇ ਗਏ ਮੰਡਲ ਪ੍ਰਧਾਨ ਅਰੁਣ ਖੋਸਲਾ ਨੇ ਇਨ੍ਹਾਂ ਅਸਤੀਫਿਆਂ ਦੀ ਪੁਸ਼ਟੀ ਤਾਂ ਕਰ ਦਿੱਤੀ ਤੇ ਬਾਕੀ ਸਾਰਾ ਮਾਮਲਾ ਪਾਰਟੀ ਹਾਈਕਮਾਨ ਤੇ ਛੱਡ ਦਿੱਤਾ। ਭਾਰਤੀ ਜਨਤਾ ਪਾਰਟੀ ਵਿਚੋਂ ਅਸਤੀਫਾ ਦੇਣ ਵਾਲਿਆਂ ਵਿੱਚ ਦੇਵ ਸ਼ਰਮਾਂ(ਪਾਰਟੀ ਜਨਰਲ ਸਕੱਤਰ), ਵਿੱਕੀ ਸੂਦ, ਬੀਰਾਰਾਮ ਵਲਜੋਤ, ਸਵਿਤਾ ਅਹੂਜ਼ਾ, ਸੁਦੇਸ਼ ਛਾਬੜਾ, ਨਰਿੰਦਰ ਕੌਰ, ਸਰਿਤਾ ਸੂਦ ਸ਼ਾਮਲ ਹਨ। ਜੇਕਰ ਪਾਰਟੀ ਇਨ੍ਹਾਂ ਕੋਂਸਲਰਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੀ ਹੈ ਤਾਂ ਫਗਵਾੜਾ ਵਿੱਚ ਕੋਂਸਲ ਪ੍ਰਧਾਨ ਬਲਭੱਦਰ ਸੈਨ ਦੁੱਗਲ ਅਤੇ ਵੀਨਾ ਚਾਵਲਾ ਦੋ ਹੀ ਕੋਂਸਲਰ ਰਹਿ ਜਾਣਗੇ। ਅੱਜ਼ ਹੋਈ ਇਸ ਸਿਆਸੀ ਉਥਲ-ਪੁੱਥਲ ਨਾਲ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਭਾਜਪਾ ਵਿੱਚ ਸਭ ਕੁਝ ਠੀਕ ਨਹੀ ਹੈ।